Photos
Daily News Updates from Punjab
Ads

ਗੰਢਾ ਢੂਢਤੇ ਰਹਿ ਜਾਓਗੇ’

-ਰਵੀ ਕੁਮਾਰ ‘ਤਨਮਯ’
ਆ ਜਾ ਗੰਢਿਆਂ ਦੇ ਬਹਾਨੇ ਹੀ ਰੋ ਲੈ,
ਕਿ ਅੱਖੀਆਂ ‘ਚੋਂ ਨੀਰ ਨਾ ਵਗੇ।
ਅੱਜ ਕੱਲ੍ਹ ਤਾਂ ਇਹ ਨਿਰਾਰਥਕ ਹੀ ਲੱਗ ਰਿਹੈ, ਕਿਉਂਕਿ ਆਮ ਆਦਮੀ ਵੈਸੇ ਹੀ ਗੰਢਿਆਂ ਦੇ ਵਿਛੋੜੇ ‘ਚ ਰੋ ਰਿਹੈ। ਉਹ ਤਾਂ ਗੰਢਿਆਂ ਦੇ ਬਹਾਨੇ ਰੋਣਾ ਚਾਹੁੰਦਾ ਹੈ, ਪਰ ਗੰਢੇ ਉਸ ਦਾ ਸਾਥ ਛੱਡ ਗਏ ਨੇ। ਵਿਚਾਰੇ ਗੰਢਿਆਂ ਦਾ ਵੀ ਕੀ ਕਸੂਰ, ਉਹ ਤਾਂ ਆਪਣੇ ਗਰੀਬ ਭਰਾਵਾਂ ਨਾਲ ਮਿਲ ਕੇ ਰੋਣਾ ਚਾਹੁੰਦੇ ਹਨ, ਪਰ ਹੁਣ ਉਹ ਇਕੱਲੇ ਗੋਦਾਮਾਂ ਦੀਆਂ ਬੰਦ ਬੋਰੀਆਂ ਵਿੱਚ ਰੋ ਰਹੇ ਨੇ। ਗਿੱਲੇ ਗੰਢੇ ਵੈਸੇ ਹੀ ਫੁੱਟ-ਫੁੱਟ ਕੇ ਰੋ ਰਹੇ ਨੇ ਤੇ ਦੁਹਾਈਆਂ ਪਾ ਕੇ ਕੁਰਲਾ ਰਹੇ ਤੇ ਕਹਿ ਰਹੇ ਨੇ ਕਿ ਅਸੀਂ ਇਥੇ ਠੰਢ ਵਿੱਚ ਸਲ੍ਹਾਬ ਨਾਲ ਹੀ ਸੜ ਕੇ ਮਰ ਜਾਣਾ ਹੈ। ਕਿਸੇ ਗਰੀਬ ਦੀ ਕੜਾਹੀ ਵਿੱਚ ਗਰਮ ਤੇਲ ਵਿੱਚ ਪੈ ਕੇ ਸੜ ਕੇ ਮਰਦੇ ਤਾਂ ਸਾਡਾ ਵੀ ਨਾਂ ਇੱਜ਼ਤ ਨਾਲ ਲਿਆ ਜਾਣਾ ਸੀ। ਹੁਣ ਗਿੱਲੇ ਗੰਢੇ, ਸੁੱਕੇ ਗੰਢਿਆਂ ਨੂੰ ਗੁੱਸੇ ‘ਚ ਆ ਕੇ ਮਿਹਣੇ ਮਾਰ ਰਹੇ ਹਨ ਕਿ ਤੁਸੀਂ ਕਿਹੜਾ ਸਾਡਾ ਸਾਥ ਦਿੱਤਾ, ਜਦੋਂ ਅਗਲਿਆਂ ਨੇ ਸਾਨੂੰ ਤੁਹਾਡੇ ‘ਚੋਂ ਛਾਂਟੀ ਕਰ ਕੇ ਪਰੇ ਕਰ ਦਿੱਤਾ ਸੀ, ਤੁਸੀਂ ਇੱਜ਼ਤ ਨਾਲ ਬੰਦ ਬੋਰੀਆਂ ਧਾਂਕਾਂ ਵਿੱਚ ਆਨੰਦ ਲੈ ਰਹੇ ਹੋ।
ਪਿਛਲੇ ਸਮੇਂ ‘ਚ ਇੱਕ ਗਰੀਬ ਆਦਮੀ ਗੰਢੇ ਦੀ ਚਟਨੀ ਕੁੱਟ ਕੇ ਆਪਣਾ ਦੁਪਹਿਰ ਦਾ ਖਾਣਾ ਖਾ ਲੈਂਦਾ ਸੀ। ਉਹ ਜ਼ਰਾ ਕੁ ਮਹਿੰਗਾਈ ਵਧਣ ‘ਤੇ ਕਹਿ ਦਿੰਦਾ ਸੀ ਕਿ ਜੇ ਨਹੀਂ ਮਿਲੇਗੀ ਦਾਲ-ਸਬਜ਼ੀ ਤਾਂ ਗੰਢੇ ਦੀ ਚਟਨੀ ਕੁੱਟ ਕੇ ਸਲੂਣਾ ਕਰ ਕੇ ਖਾ ਲਵਾਂਗੇ। ਉਹ ਆਪਣੇ ਘਰ ਦੇ ਪਿਛਵਾੜੇ ਇੱਕ ਕਿਆਰੀ ਗੰਢਿਆਂ ਦੀ ਗੋਡ ਕੇ ਰੱਖਦਾ ਸੀ। ਉਹ ਅਕਸਰ ਦੁਪਹਿਰ ਦੇ ਭੋਜਨ ਨਾਲ ਸਣੇ ਭੂਕਾਂ ਗੰਢਿਆਂ ਦੀ ਚਟਨੀ ਰੋਟੀ ਨਾਲ ਖਾ ਕੇ ਸੰਤੁਸ਼ਟ ਹੋ ਜਾਂਦਾ ਸੀ। ਓਦਾਂ ਵੀ ਉਹ ਰੋਟੀ ‘ਤੇ ਸਲਾਦ ਦੇ ਤੌਰ ‘ਤੇ ਗੰਢਾ ਰੱਖ ਕੇ ਖਾਂਦਾ ਸੀ। ਕਦੀ-ਕਦੀ ਉਹ ਦੁਪਹਿਰ ਨੂੰ ਸਿਰਫ ਆਚਾਰ ਤੇ ਗੰਢੇ ‘ਤੇ ਮੁੱਕਾ ਮਾਰ ਕੇ ਉਸੇ ‘ਤੇ ਲੂਣ ਭੁੱਕ ਕੇ ਮਸ਼ਰੂਮ-ਮਟਰ ਜਿੰਨਾ ਸੁਆਦ ਲੈ ਲੈਂਦਾ ਸੀ।
ਮੁੱਕਦੀ ਗੱਲ ਇਹ ਬਈ ਗੰਢਾ ਉਸ ਦੇ ਅੰਗ-ਸੰਗ ਸੀ, ਕਿਉਂਕਿ ਸਬਜ਼ੀ ਵਿੱਚ ਗੰਢਾ, ਸਲਾਦ ‘ਚ ਗੰਢਾ, ਤੜਕੇ ‘ਚ ਗੰਢਾ, ਛਿੱਕੇ ‘ਚ ਗੰਢਾ, ਹਰ ਥਾਂ ਗੰਢਾ ਪ੍ਰਧਾਨ ਸੀ। ਜੇ ਕਿਧਰੇ ਪਿਛਵਾੜੇ ਜਾਣਾ ਤਾਂ ਸਾਹਮਣੇ ਹਰੀਆਂ-ਹਰੀਆਂ ਭੂਕਾਂ ਨਾਲ ਖੜੇ ਗੰਢੇ ਨੂੰ ਦੇਖ ਕੇ ਛਾਤੀ ਚੌੜੀ ਕਰਨੀ ਤੇ ਅੰਦਾਜ਼ਾ ਲਾਉਣਾ ਕਿ ਐਤਕੀਂ ਮਣ ਕੁ ਪੱਕੇ ਨਿਕਲ ਹੀ ਆਉਣਗੇ। ਮਨ ਹੀ ਮਨ ਸੋਚਣਾ ਕਿ ਦੋ ਕੁ ਵੱਟੀਆਂ ਬਕਨੌਰ ਵਾਲੀ ਭੂਆ ਨੂੰ ਭੇਜ ਦਿਆਂਗੇ ਤੇ ਕੁਝ ਕੁ ਰੁਲਦੂ ਦੇ ਨਾਨਕੇ ਮਕੌੜੇ ਭੇਜ ਦਿਆਂਗੇ। ਜਦੋਂ ਕਿਤੇ ਸ਼ਹਿਰ ‘ਚ ਵਿਆਹੀ ਕੁੜੀ ਨੇ ਆਪਣੇ ਪੇਕੇ ਘਰ ਪਿੰਡ ਆਉਣਾ ਤੇ ਪਿਛਵਾੜੇ ਵਾਲੀ ਗੰਢਿਆਂ ਦੀ ਕਿਆਰੀ ‘ਤੇ ਨਜ਼ਰ ਪੈਦਿਆਂ ਅੱਖਾਂ ‘ਚ ਚਮਕ ਆ ਜਾਣੀ ਕਿ ‘ਵੀਰ, ਐਤਕੀਂ ਸਾਨੂੰ ਵੀ ਗੰਢੇ ਜ਼ਰੂਰ ਭੇਜੇਗਾ।’ ਗੰਢੇ ਤਾਂ ਬਾਜ਼ਾਰ ‘ਚ ਉਪਲਬਧ ਹੋ ਜਾਂਦੇ ਨੇ, ਪਰ ਮਾਨਸਿਕਤਾ ਇਹ ਹੈ ਕਿ ਘਰ ਦੇ ਗੰਢਿਆਂ ਦਾ ਸੁਆਦ ਹੀ ਅਵੱਲਾ ਹੁੰਦਾ ਹੈ।
ਪੁਰਾਣੇ ਲੋਕ ਗੰਢਿਆਂ ਨੂੰ ਦਵਾਈ ਦੇ ਤੌਰ ‘ਤੇ ਵੀ ਵਰਤਦੇ ਸਨ। ਜੇ ਕਿਸੇ ਨਿਆਣੇ ਦੇ ਕੰਨ ਵਗਣੇ ਤਾਂ ਗੰਢੇ ਦਾ ਰਸ ‘ਈਅਰ ਡਰਾਪ’ ਦਾ ਕੰਮ ਕਰਦਾ ਸੀ। ਕਿਸੇ ਨੂੰ ਉਲਟੀਆਂ ਆਉਣੀਆਂ ਤਾਂ ਗੰਢੇ ਦਾ ਰਸ ਚਟਾਇਆ ਜਾਂਦਾ ਸੀ ਤਾਂ ਕਿ ਜੀ ਮਚਲਣਾ ਬੰਦ ਹੋ ਜਾਵੇ। ਸਾਰੀਆਂ ਛੋਟੀਆਂ-ਮੋਟੀਆਂ ਬੀਮਾਰੀਆਂ ਦੀ ਇਕਲੌਤੀ ਦਵਾਈ ਸੀ ਗੰਢੇ ਦਾ ਰਸ। ਗੰਢਾ ਤਾਂ ਇਥੋਂ ਤੱਕ ਦਹਿਸ਼ਤ ਰੱਖਦਾ ਹੈ ਕਿ ਵੱਡੇ-ਵੱਡੇ ਜ਼ਹਿਰੀਲੇ ਸੱਪ ਵੀ ਇਸ ਦੀ ਮੁਸ਼ਕ ਅੱਗੇ ਹਥਿਆਰ ਸੁੱਟ ਕੇ ਮੈਦਾਨੋਂ ਭੱਜ ਜਾਂਦੇ ਹਨ।
ਹੁਣ ਆਪਣਾ ਸਮਝਿਆ ਜਾਣ ਵਾਲਾ ਗੰਢਾ ਬਿਗਾਨਿਆਂ ਵਾਲੇ ਵਿਹਾਰ ‘ਤੇ ਤੁਲਿਆ ਪਿਆ ਹੈ। ਇਹ ਗਰੀਬਾਂ ਦੀ ਭੁੱਖ ਦਾ ਸਾਥੀ ਸੀ, ਅੱਜ ਗਰੀਬ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਹੁਣ ਤਾਂ ਲੋਕ ਜਵਾਈ ਨੂੰ ਵੀ ਸਲਾਦ ‘ਚ ਗੰਢਾ ਨਹੀਂ ਦੇ ਰਹੇ। ਜਦੋਂ ਕੋਈ ਗੰਢੇ ਦਾ ਤਰਸਿਆ ਕਿਸੇ ਦੀ ਬਰਾਤੇ ਜਾਂਦਾ ਹੈ ਤਾਂ ਸੋਚਦਾ ਹੈ ਕਿ ਚਲੋ, ਜੇ ਗੰਢਾ ਏਦਾਂ ਖਾਣ ਨੂੰ ਨਹੀਂ ਮਿਲਦਾ ਤਾਂ ਓਦਾਂ ਹੀ ਸਹੀ, ਪਰ ਓਥੇ ਵੀ ਸਲਾਦ ‘ਚ ਲੱਗੇ ਮੂਲੀਆਂ ਦੇ ਢੇਰ ਦੇਖ ਕੇ ਅੱਖਾਂ ਇਵੇਂ ਟੱਡੀਆਂ ਰਹਿ ਜਾਂਦੀਆਂ ਨੇ, ਜਿਵੇਂ ਅੱਖਾਂ ਅੱਗੇ ਸਰ੍ਹੋਂ ਦੇ ਫੁੱਲ ਗਈ ਹੋਵੇ। ਉਹ ਬਥੇਰੇ ਚਮਚੇ ਮਾਰ-ਮਾਰ ਕੇ ਦੇਖਦਾ ਹੈ ਕਿ ਸ਼ਾਇਦ ਮੂਲੀਆਂ ਦੇ ਥੱਲੇ ਕਿਤੇ ਗੰਢੇ ਦੱਬੇ ਹੋਣ, ਪਰ ਨਿਰਾਸ਼ਾ ਹੀ ਮਿਲਦੀ ਹੈ। ਹੁਣ ਤਾਂ ਗੰਢੇ ਬਾਰੇ ਟੀ ਵੀ ‘ਤੇ ਚੱਲਦੀ ਮਸ਼ਹੂਰੀ ‘ਦਾਗ ਢੂੰਢਤੇ ਰਹਿ ਜਾਓਗੇ’ ਦੀ ਥਾਂ ਇਹ ਮਸ਼ਹੂਰੀ ਆਉਣੀ ਚਾਹੀਦੀ ਹੈ ਕਿ ‘ਗੰਢਾ ਢੂੰਢਤੇ ਰਹਿ ਜਾਓਗੇ।’
ਪਿਛਲੇ ਦਿਨਾਂ ਦੀ ਗੱਲ ਹੈ ਕਿ ਇੱਕ ਸੱਜਣ ਅੰਗੂਟੇ ਦੇ ਨਾਲ ਦੀ ਉਂਗਲ ਦੀ ਕੁੰਡੀ ਬਣਾ ਕੇ ਉਤੇ ਕਿਲੋ ਕੁ ਗੰਢਿਆਂ ਵਾਲਾ ਲਿਫਾਫਾ ਲਟਕਾ ਕੇ ਤੁਰਿਆ ਜਾ ਰਿਹਾ ਸੀ। ਉਸ ਨੂੰ ਕਿਸੇ ਨੇ ਪੁੱਛਿਆ; ‘ਭਾਜੀ, ਗੰਢੇ ਕੀ ਭਾਅ ਲੈ ਕੇ ਆਇਆ ਏਂ?’ ਸੱਜਣ ਨੇ ਛਾਤੀ ਚੌੜੀ ਕਰ ਕੇ ਜਵਾਬ ਦਿੱਤਾ; ‘ਸੱਠ ਰੁਪਏ ਕਿਲੋ’, ਤੇ ਫਿਰ ਨਾਲ ਹੀ ਕਹਿੰਦਾ, ‘ਤੁਹਾਡੀ ਭਰਜਾਈ ਤਾਂ ਬਗੈਰ ਗੰਢਿਆਂ ਦੇ ਤੜਕੇ ਤੋਂ ਰੋਟੀ ਨਹੀਂ ਖਾਂਦੀ, ਇਸ ਲਈ ਬੜੀ ਮੁਸ਼ੱਕਤ ਨਾਲ ਦੂਰੋਂ ਕਿਸੇ ਵੱਡੀ ਦੁਕਾਨ ਤੋਂ ਲਿਆਇਆਂ ਹਾਂ।’
ਅੱਜਕੱਲ੍ਹ ਥੋੜ੍ਹਾ-ਬਹੁਤ ਖਾਂਦਾ-ਪੀਂਦਾ ਬੰਦਾ ਪ੍ਰਾਹੁਣਿਆਂ ਨੂੰ ਸਲਾਦ ‘ਚ ਗੰਢੇ ਪਰੋਸ ਕੇ ਪ੍ਰਸੰਸਾ ਦਾ ਪਾਤਰ ਬਣ ਰਿਹਾ ਹੈ। ਹੁਣ ਤਾਂ ਗੰਢਾ ਟਾਕ ਆਫ ਦਿ ਟਾਊਨ ਬਣ ਗਿਆ ਹੈ। ਇੱਕ ਦਿਨ ਕਿਸ਼ਨਾ ਤੇ ਬਿਸ਼ਨਾ ਗੰਢਿਆਂ ਦੀਆਂ ਗੱਲਾਂ ਕਰਦੇ-ਕਰਦੇ ਜਾ ਰਹੇ ਸਨ। ਬਿਸ਼ਨਾ ਕਹਿੰਦਾ; ‘ਲੈ ਬਈ ਕਿਸ਼ਨਿਆ, ਇੱਕ ਗੱਲ ਸੁਣ ਮੇਰੇ ਕੋਲੋਂ, ਉਹ ਆਪਣਾ ਧਰਮ ਸਿੰਘ ਨਹੀਂ ਹੈਗਾ, ਹਾਂ-ਹਾਂ, ਬਈ, ਉਹਨੇ ਸਾਨੂੰ ਦੱਸਿਆ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ‘ਤੇ ਗਿਆ ਸੀ, ਬੜੀ ਖਾਤਰਦਾਰੀ ਕੀਤੀ ਉਨ੍ਹਾਂ ਨੇ। ਬਰਾਤੀਆਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ। ਬਈ ਕਮਾਲ ਕਰ ਦਿੱਤੀ ਉਨ੍ਹਾਂ ਨੇ ਤਾਂ, ਇਲਾਕੇ ‘ਚ ਚਰਚੇ ਨੇ ਏਸ ਵੇਲੇ। ਉਨ੍ਹਾਂ ਹਰ ਸਬਜ਼ੀ ‘ਚ ਗੰਢਾ ਹੀ ਵਰਤਿਆ ਤੇ ਨਾਲੇ ਸਲਾਦ ‘ਚ ਵੀ ਗੰਢਾ ਪਰੋਸਿਆ।’
ਮੁੱਕਦੀ ਗੱਲ ਤਾਂ ਇਹ ਕਿ ਜਿਹੜੀ ਸਪੀਡ ਗੰਢਿਆਂ ਨੇ ਆਮ ਆਦਮੀ ਤੋਂ ਦੂਰ ਹੋਣ ਦੀ ਫੜ ਲਈ ਹੈ, ਹੁਣ ਬੱਸ ਇਹੀ ਆਸ ਕੀਤੀ ਜਾ ਸਕਦੀ ਹੈ ਕਿ ਗੰਢਿਆਂ ਦਾ ਜ਼ਾਇਕਾ ਸੁਪਨੇ ‘ਚ ਹੀ ਲਿਆ ਕਰਾਂਗੇ

Share

Post Metadata

Date
January 26th, 2011

Author
Editor

Category

Tags


Comments are closed.