ਸਚਿਨ ਫਿੱਟ ਐਲਾਨਿਆ ਗਿਆ

ਮੁੰਬਈ, 21 ਫਰਵਰੀ (ਯੂ. ਐੱਨ. ਆਈ.)¸ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਖੱਬੇ ਗੋਡੇ ਦੇ ਦਰਦ ਨੇ ਅਚਾਨਕ ਹੀ ਕਰੋੜਾਂ ਦਿਲਾਂ ਦੀਆਂ ਧੜਕਨਾਂ ਨੂੰ ਤੇਜ਼ ਕਰ ਦਿੱਤਾ ਸੀ ਪਰ ਉਸ ਦੇ ਗੋਡੇ ਦੀ ਐੱਮ. ਆਰ. ਆਈ. ਸਕੈਨ ਹੋਣ ਤੋਂ ਬਾਅਦ ਉਸ ਨੂੰ ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਹੋਣ ਵਾਲੇ ਅਗਲੇ ਮੈਚ ਲਈ ਕਲੀਨ ਚਿੱਟ ਦੇ ਦਿੱਤੀ ਗਈ ਹੈ। 37 ਸਾਲਾ ਸਚਿਨ ਨੂੰ ਉਨ੍ਹਾਂ ਦੇ ਖੱਬੇ ਗੋਡੇ ਵਿਚ ਦਰਦ ਮਹਿਸੂਸ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੇ ਗੋਡੇ ਦਾ ਸਕੈਨ ਕਰਵਾਇਆ ਗਿਆ। ਢਾਕਾ ‘ਚ ਬੰਗਲਾਦੇਸ਼ ਵਿਰੁੱਧ ਉਦਘਾਟਨੀ ਮੈਚ ਜਿੱਤਣ ਤੋਂ ਬਾਅਦ ਹੀ ਸਚਿਨ ਨੂੰ ਇਹ ਸਮੱਸਿਆ ਹੋਈ। ਜਿਥੇ ਟੀਮ ਇੰਡੀਆ ਦੇ ਬਾਕੀ ਖਿਡਾਰੀ 27 ਫਰਵਰੀ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਅਗਲੇ ਮੈਚ ਲਈ ਬੰਗਲੌਰ ਰਵਾਨਾ ਹੋ ਗਏ, ਉਥੇ ਸਚਿਨ ਸਕੈਨਿੰਗ ਲਈ ਮੁੰਬਈ ਹੀ ਰੁਕ ਗਿਆ ਸੀ। ਟੀਮ ਮੈਨੇਜਰ ਰੰਜੀਵ ਬਿਸਵਾਲ ਨੇ ਕਿਹਾ ਕਿ ਇਹ ਸੱਟ ਪੁਰਾਣੀ ਹੈ ਅਤੇ ਇਸ ਨੂੰ ਹਲਕਾ ਹੀ ਕਿਹਾ ਜਾ ਸਕਦਾ ਹੈ। ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ। ਮਾਸਟਰ ਬਲਾਸਟਰ ਸੋਮਵਾਰ ਨੂੰ ਬੰਗਲੌਰ ਵਿਚ ਟੀਮ ਨਾਲ ਜੁੜ ਜਾਣਗੇ।
ਸਚਿਨ ਨੂੰ ਮਿਲੇਗੀ ਡਾਕਟਰੇਟ ਦੀ ਡਿਗਰੀ : ਕਰਨਾਟਕ ਸਥਿਤ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਵਿਚ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਲਈ ਡਾਕਟਰੇਟ ਦੀ ਡਿਗਰੀ ਦੇਣ ਦਾ ਫੈਸਲਾ ਕੀਤਾ ਹੈ। ਰਾਜ ਦੇ ਚਕਿਤਸਾ ਸਿੱਖਿਆ ਮੰਤਰੀ ਰਾਮਦਾਸ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਜ ਨੇ ਖੇਡਾਂ ‘ਚ ਸਚਿਨ ਦੇ ਯੋਗਦਾਨ ਨੂੰ ਦੇਖਦੇ ਹੋਏ ਸਰਵਸੰਮਤੀ ਨਾਲ ਉਸ ਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਇਸ ਫੈਸਲੇ ‘ਤੇ ਚਾਂਸਲਰ ਦੇ ਤੌਰ ‘ਤੇ ਰਾਜਪਾਲ ਐੱਚ. ਆਰ. ਭਾਰਦਵਾਜ ਦੀ ਇਜਾਜ਼ਤ ਦੀ ਮੋਹਰ ਲਗਾਉਣਾ ਬਾਕੀ ਹੈ।